ਸੰਦੇਸ਼

ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ
ਅੱਗੇ ਪੜ੍ਹੋ . . .

ਭੂਮਿਕਾ

           I. ਕੋਸ਼ਕਾਰੀ ਬੜਾ ਕਠਨ ਕਾਰਜ ਹੈ। ਵਿਦੇਸ਼ੀ ਭਾਸ਼ਾ ਦੀ ਕੋਸ਼ਕਾਰੀ ਤਾਂ ਹੋਰ ਵੀ ਕਠਨ ਕਾਰਜ ਹੈ ਕਿਉਂਕਿ ਵਿਦੇਸ਼ੀ ਭਾਸ਼ਾ ਦੇ ਸ਼ਬਦਾਂ ਬਾਰੇ ਕੋਈ ਵੀ ਨਿਰਨਾ ਵਿਦੇਸ਼ੀ ਭਾਸ਼ਾ ਦੇ ਪ੍ਰਾਪਤ ਕੋਸ਼ਾਂ ਜਾਂ ਸਰੋਤਾਂ ਦੇ ਆਧਾਰ 'ਤੇ ਹੀ ਲਿਆ ਜਾ ਸਕਦਾ ਹੈ। ਪਰ ਜਦੋਂ ਇਹ ਸਰੋਤ ਕਿਸੇ ਚੀਜ਼ ਬਾਰੇ ਚੁੱਪ ਹੋਣ ਜਾਂ ਪ੍ਰਾਪਤ ਸਰੋਤਾਂ ਵਿਚਕਾਰ ਇਕਸਾਰਤਾ ਨਾ ਹੋਵੇ ਤਾਂ ਬਹੁਤ ਹੀ ਮੁਸ਼ਕਿਲ ਪੇਸ਼ ਆਉਂਦੀ ਹੈ। ਅਜਿਹੀ ਹੀ ਇੱਕ ਮੁਸ਼ਕਿਲ ਇਸ ਕੋਸ਼ ਦੇ ਨਿਰਮਾਣ ਵੇਲੇ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਦਾ ਉਚਾਰਨ ਦੇਣ ਵੇਲੇ ਆਈ ਹੈ।
           ਗਿਆਨ-ਵਿਗਿਆਨ ਵਿੱਚ ਵਾਧੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਨਵੇਂ ਸ਼ਬਦਾਂ ਦੀ ਕਾਫ਼ੀ ਆਮਦ ਹੋਈ ਹੈ। ਇਸ ਲਈ ਜ਼ਰੂਰੀ ਸੀ ਕਿ ਉਚਾਰਨ ਦੇਣ ਲਈ ਅੰਗਰੇਜ਼ੀ ਭਾਸ਼ਾ ਦੇ ਕਿਸੇ ਬਿਲਕੁਲ ਨਵੇਂ ਕੋਸ਼ ਨੂੰ ਆਧਾਰ ਬਣਾਇਆ ਜਾਵੇ। ਇਸ ਲਈ Oxford Advanced Learner's Dictionary of Current English ਦੇ 2010 ਵਿੱਚ ਪ੍ਰਕਾਸ਼ਿਤ ਅਠਵੇਂ ਸੰਸਕਰਨ ਨੂੰ ਚੁਣਿਆ ਗਿਆ। ਪਰ ਇਸ ਵਿੱਚ ਕਠਨਾਈ ਇਹ ਪੇਸ਼ ਆਈ ਕਿ ਬਹੁਤ ਸਾਰੇ ਸ਼ਬਦ ਸਨ ਜੋ ਇਸ ਕੋਸ਼ ਵਿੱਚ ਮਿਲਦੇ ਨਹੀਂ ਸਨ। ਇਹਨਾਂ ਸ਼ਬਦਾਂ ਲਈ Shorter Oxford English Dictionary (2007) ਦੀ ਮਦਦ ਲਈ ਗਈ। ਪਰ ਇਹ ਸਾਮ੍ਹਣੇ ਆਇਆ ਕਿ Oxford 2010 ਅਤੇ Oxford 2007 ਦੀ ਆਪਸ ਵਿੱਚ ਕਈ ਥਾਵਾਂ 'ਤੇ ਇਕਸਾਰਤਾ ਨਹੀਂ ਹੈ। ਮਿਸਾਲ ਲਈ ਸ਼ਬਦ calculable ਦਾ 2010 ਵਾਲੇ ਸੰਸਕਰਨ ਵਿੱਚ ਉਚਾਰਨ /'ਕੈਲਕਯਅਲਅਬਲ/ ਦਿੱਤਾ ਗਿਆ ਹੈ ਪਰ 2007 ਵਾਲੇ ਸੰਸਕਰਨ ਵਿੱਚ /'ਕੈਲਕਯੁਲਅਬ(ਅ)ਲ/। ਇਸ ਸਮੱਸਿਆ ਦੇ ਹੱਲ ਲਈ Daniel Jones (1997) ਦੀ English Pronouncing Dictionary (EPD) ਨੂੰ ਵੇਖਿਆ ਗਿਆ। ਪਰ ਇਹ ਸਾਮ੍ਹਣੇ ਆਇਆ ਕਿ Daniel Jones (1997) ਵਿੱਚ ਦਿੱਤੇ ਉਚਾਰਨ ਅਤੇ Oxford ਦੇ ਕੋਸ਼ਾਂ ਵਿੱਚ ਦਿੱਤੇ ਉਚਾਰਨ ਵਿੱਚ ਵੀ ਇਕਸਾਰਤਾ ਨਹੀਂ ਹੈ। ਮਿਸਾਲ ਲਈ ਉਪਰੋਕਤ ਸ਼ਬਦ calculable ਦਾ Daniel Jones (1997) ਵਿੱਚ ਉਚਾਰਨ /'ਕੈਲਕਯਅਲਅਬਲ/ ਅਤੇ /'ਕੈਲਕਯੁਲਅਬਲ/ ਦਿੱਤਾ ਗਿਆ ਹੈ।
           ਉਚਾਰਨ ਸੰਬੰਧੀ ਅਸੰਗਤੀਆਂ ਦੀ ਇਕ ਹੋਰ ਉਦਾਹਰਨ Shorter Oxford English Dictionary (2007) ਵਿੱਚ ਦਿੱਤੇ ਦਬਾਅ (stress) ਸੰਬੰਧੀ ਨੇਮ ਤੋਂ ਮਿਲਦੀ ਹੈ। ਉਪਰੋਕਤ ਕੋਸ਼ ਵਿੱਚ ਵਿਉਤਪਤਾਂ ਵਿੱਚ ਸਾਰੇ ਦਬਾਅ ਅੰਕਿਤ ਨਹੀਂ ਕੀਤੇ ਗਏ ਪਰ ਪ੍ਰਸਤਾਵਨਾ ਵਿੱਚ ਇਹ ਨੇਮ ਦਿੱਤਾ ਗਿਆ ਹੈ ਕਿ "ਜੇ ਵਿਉਤਪਤ ਵਿੱਚ ਮੁੱਖ ਦਬਾਅ (primary stress) ਸ਼ਬਦ ਤੋਂ ਵੱਖਰੇ ਉਚਾਰਖੰਡ ਉੱਤੇ ਹੈ ਤਾਂ ਇਹ ਵਾਸਤਵਿਕ ਰੂਪ ਵਿਚ ਮੁੱਖ ਦਬਾਅ ਵਾਲੇ ਉਚਾਰਖੰਡ ਤੋਂ ਪਹਿਲਾਂ ਮੁੱਖ ਦਬਾਅ ਦਾ ਚਿੰਨ੍ਹ ( ' ) ਪਾ ਕੇ ਦਰਸਾਇਆ ਗਿਆ ਹੈ; ਕਿਸੇ ਵੀ ਗੌਣ ਦਬਾਅ (secondary stress) ਨੂੰ ਜੇ ਅੰਕਿਤ ਨਹੀਂ ਕੀਤਾ ਗਿਆ ਤਾਂ ਇਹ ਮੁੱਖ ਸ਼ਬਦ ਵਿਚਲੇ ਪ੍ਰਾਥਮਿਕ ਦਬਾਅ ਵਾਲੇ ਉਚਾਰਖੰਡ ਉੱਤੇ ਮੰਨਿਆ ਗਿਆ ਹੈ" (ਪੰਨਾ xxxi)। ਪਰ ਇਹ ਨੇਮ ਕੋਸ਼ ਵਿੱਚ ਭੰਗ ਹੋਇਆ ਹੈ। ਮਿਸਾਲ ਲਈ ਸ਼ਬਦ unpopular ਨੂੰ ਲਿਆ ਜਾ ਸਕਦਾ ਹੈ। ਸੰਬੰਧਿਤ ਕੋਸ਼ ਵਿੱਚ unpopular ਦਾ ਉਚਾਰਨ /ਅੱਨ'ਪੌਪਯੁਲਅ/ ਦਿੱਤਾ ਗਿਆ ਹੈ। ਜਦੋਂ ਇਸ ਤੋਂ ਸ਼ਬਦ unpopularity ਬਣਦਾ ਹੈ ਤਾਂ ਕੋਸ਼ ਵਿੱਚ ਦਿੱਤੇ ਨੇਮ ਮੁਤਾਬਕ ਇਸ ਦਾ ਉਚਾਰਨ /ਅੱਨ.ਪੌਪਯੁ'ਲੈਰਅਟਿ/ ਬਣਦਾ ਹੈ। ਪਰ ਅਸਲ ਵਿੱਚ ਇਸ ਦਾ ਉਚਾਰਨ /.ਅੱਨ.ਪੌਪਯੁ'ਲੈਰਅਟਿ/ ਹੈ, ਜਿਵੇਂ ਕਿ Oxford (2010) ਵਿੱਚ ਦਿੱਤਾ ਗਿਆ ਹੈ।

           ਇਸ ਸਾਰੀ ਸਥਿਤੀ ਵਿੱਚ ਇਸ ਕੋਸ਼ ਵਿੱਚ ਅੰਗਰੇਜ਼ੀ ਸ਼ਬਦਾਂ ਦੇ ਉਚਾਰਨ ਲਈ ਨਿਮਨ ਸੇਧਾਂ ਅਪਣਾਈਆਂ ਗਈਆਂ ਹਨ:
1. ਉਚਾਰਨ ਲਈ Oxford Advanced Learner's Dictionary of Current English, Eighth Edition (2010) ਨੂੰ ਆਧਾਰ ਬਣਾਇਆ ਗਿਆ ਹੈ;
2. ਉਪਰੋਕਤ ਕੋਸ਼ ਵਿੱਚ ਜੋ ਇੰਦਰਾਜ ਨਹੀਂ ਮਿਲਦੇ ਉਹਨਾਂ ਲਈ Daniel Jones (1997) ਦੀ English Pronouncing Dictionary ਨੂੰ ਆਧਾਰ ਬਣਾਇਆ ਗਿਆ ਹੈ;
3. ਇਹਨਾਂ ਦੋਹਾਂ ਕੋਸ਼ਾਂ ਵਿੱਚ ਜੇ ਕਿਸੇ ਇੰਦਰਾਜ ਦਾ ਉਚਾਰਨ ਪ੍ਰਾਪਤ ਨਹੀਂ ਹੋਇਆ ਤਾਂ ਉਸ ਇੰਦਰਾਜ ਲਈ Shorter Oxford English Dictionary (2007) ਨੂੰ ਆਧਾਰ ਬਣਾਇਆ ਗਿਆ ਹੈ;
4. ਕੁਝ ਸ਼ਬਦਾਂ ਦਾ ਉਚਾਰਨ ਦੇਣ ਲਈ The Oxford English Dictionary (1991) ਨੂੰ ਵੀ ਆਧਾਰ ਬਣਾਉਣਾ ਪਿਆ ਹੈ।

           II. ਪੰਜਾਬੀ ਯੂਨੀਵਰਸਿਟੀ ਅੰਗਰੇਜ਼ੀ-ਪੰਜਾਬੀ ਕੋਸ਼ ਦੇ ਹੁਣ ਤੱਕ ਛੇ ਸੰਸਕਰਨ ਆ ਚੁੱਕੇ ਹਨ। ਇਹਨਾਂ ਸਾਰੇ ਸੰਸਕਰਨਾਂ ਵਿੱਚ ਵਿਉਤਪਤ/ਸਾਧਿਤ ਸ਼ਬਦਾਂ ਦੇ ਪੂਰੇ ਰੂਪ ਨਹੀਂ ਦਿੱਤੇ ਗਏ। ਇਹਨਾਂ ਨੂੰ ਉਪ-ਇੰਦਰਾਜ ਬਣਾ ਕੇ ਮੁੱਖ ਇੰਦਰਾਜ ਹਿੱਸੇ ਲਈ ਲਹਿਰੀਏ ਚਿੰਨ੍ਹ (~) ਦੀ ਵਰਤੋਂ ਕੀਤੀ ਗਈ ਹੈ। ਮਿਸਾਲ ਲਈ unaware ਸ਼ਬਦ ਨੂੰ un- ਦੇ ਉਪ-ਇੰਦਰਾਜ ਵਜੋਂ ~aware ਰੂਪ ਵਿੱਚ ਦਿੱਤਾ ਗਿਆ ਹੈ। ਇਸ ਵਿਧੀ ਨਾਲ ਕੋਸ਼ ਕੁਝ ਸੰਖੇਪ ਤਾਂ ਜ਼ਰੂਰ ਹੋ ਜਾਂਦਾ ਹੈ ਪਰ ਇਸ ਵਿਧੀ ਨਾਲ ਵਰਤੋਂਕਾਰ ਲਈ ਬੜੀ ਵੱਡੀ ਸਮੱਸਿਆ ਇਹ ਪੇਸ਼ ਆਉਂਦੀ ਹੈ ਕਿ ਉਸ ਨੂੰ ਕੋਸ਼ ਵਿੱਚ ਸ਼ਬਦ ਅੱਖਰ-ਤਰਤੀਬ ਵਿੱਚ ਨਹੀਂ ਮਿਲਦੇ। ਮਿਸਾਲ ਲਈ, ਲਹਿਰੀਏ (~) ਦੀ ਵਿਧੀ ਕਰਕੇ ਇਹਨਾਂ ਪਹਿਲੇ ਸੰਸਕਰਨਾਂ ਵਿੱਚ unaware ਸ਼ਬਦ ~aware ਰੂਪ ਵਿੱਚ unanimity ਸ਼ਬਦ ਤੋਂ ਕਈ ਪੰਨੇ ਪਹਿਲਾਂ ਦਿੱਤਾ ਗਿਆ ਹੈ। ਪਰ ਵਰਤੋਂਕਾਰ ਤਾਂ unaware ਨੂੰ unanimity ਤੋਂ ਬਾਅਦ ਵਿਚ ਲੱਭੇਗਾ। ਇੰਜ ਵਰਤੋਂਕਾਰ ਨੂੰ unaware ਸ਼ਬਦ ਲੱਭਣ ਵਿਚ ਕਠਨਾਈ ਪੇਸ਼ ਆਉਂਦੀ ਹੈ। ਹਰ ਪਾਠਕ ਤੋਂ ਇਹ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਉਹ unaware ਨੂੰ un- ਦੇ ਉਪ-ਇੰਦਰਾਜ ਵਜੋਂ ਲੱਭੇਗਾ। ਉਹ unaware ਨੂੰ aware ਦੇ ਉਪ-ਇੰਦਰਾਜ ਵਜੋਂ ਤਾਂ ਸ਼ਾਇਦ ਲੱਭ ਵੀ ਸਕਦਾ ਹੈ ਕਿਉਂਕਿ unaware ਸ਼ਬਦ ਵਿੱਚ un- ਅਗੇਤਰ ਅਤੇ aware ਧਾਤੂ ਹੈ। ਸੋ ਪਹਿਲੇ ਸੰਸਕਰਨਾਂ ਵਿੱਚ ਇਹ ਵੀ ਭਾਰੀ ਊਣਤਾਈ ਹੈ ਕਿ ਬਹੁਤ ਸਾਧਿਤ ਸ਼ਬਦਾਂ ਨੂੰ ਅਗੇਤਰ ਦੇ ਉਪ-ਇੰਦਰਾਜ ਵਜੋਂ ਦਿੱਤਾ ਗਿਆ ਹੈ ਨਾ ਕਿ ਧਾਤੂ ਦੇ ਉਪ-ਇੰਦਰਾਜ ਵਜੋਂ। ਹਥਲੇ ਸੰਸਕਰਨ ਵਿੱਚ ਇਸ ਨਾਕਸ ਵਿਧੀ ਨੂੰ ਤਜਿਆ ਗਿਆ ਹੈ ਅਤੇ ਹਰ ਸਾਧਿਤ ਸ਼ਬਦ ਨੂੰ ਵੱਖਰੇ ਮੁੱਖ-ਇੰਦਰਾਜ ਵਜੋਂ ਦਰਜ ਕੀਤਾ ਗਿਆ ਹੈ। ਇਸ ਨਾਲ ਕੋਸ਼ ਦੀ ਵਰਤੋਂ ਵਿੱਚ ਬਹੁਤ ਸੌਖ ਹੋ ਗਈ ਹੈ।

           III. ਲਹਿਰੀਏ (~) ਦੀ ਵਰਤੋਂ ਵਾਲੀ ਵਿਧੀ ਕਰਕੇ ਪਹਿਲੇ ਸੰਸਕਰਨਾਂ ਵਿੱਚ ਵਿਉਤਪਤ ਸ਼ਬਦਾਂ ਦਾ ਸਹੀ ਉਚਾਰਨ ਵੀ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਵਿਉਤਪਤੀ ਦੀ ਪ੍ਰਕਿਰਿਆ ਵਿੱਚ ਧਾਤੂ ਹਿੱਸੇ ਦਾ ਉਚਾਰਨ ਵੀ ਬਦਲ ਸਕਦਾ ਹੈ। ਮਿਸਾਲ ਲਈ ਸ਼ਬਦ press ਵਿੱਚ ਆਖਰੀ ਧੁਨੀ 'ਸ' ਹੈ ਪਰ ਜਦੋਂ ਇਸ ਤੋਂ pressure ਸ਼ਬਦ ਬਣਦਾ ਹੈ ਤਾਂ 'ਸ' ਧੁਨੀ 'ਸ਼' ਵਿੱਚ ਬਦਲ ਜਾਂਦੀ ਹੈ। ਪਹਿਲੇ ਸੰਸਕਰਨਾਂ ਵਿੱਚ press ਦਾ ਉਚਾਰਨ ਤਾਂ ਅੰਕਿਤ ਕੀਤਾ ਗਿਆ ਹੈ ਪਰ pressure ਨੂੰ '~ure' ਅੰਕਿਤ ਕੀਤਾ ਗਿਆ ਹੈ ਅਤੇ ਉਚਾਰਨ ਨਹੀਂ ਦਿੱਤਾ ਗਿਆ। ਇੰਜ ਪਾਠਕ pressure ਦੇ ਉਚਾਰਨ ਵਿੱਚ ਵੀ 'ਸ਼' ਦੀ ਥਾਂ 'ਸ' ਸਮਝੇਗਾ।
           ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਦਬਾਅ (stress) ਬਹੁਤ ਹੀ ਮਹੱਤਵਪੂਰਨ ਹੈ ਅਤੇ ਵਿਉਤਪਤੀ ਵੇਲੇ ਦਬਾਅ ਦੇ ਸੁਭਾਅ ਜਾਂ ਥਾਂ ਵਿੱਚ ਬਦਲੀ ਅਕਸਰ ਹੁੰਦੀ ਹੈ। ਪਰ ਪਹਿਲੇ ਸੰਸਕਰਨਾਂ ਵਿੱਚ ਕਿਉਂਕਿ ਵਿਉਤਪਤ ਸ਼ਬਦਾਂ ਦਾ ਵੱਖ ਉਚਾਰਨ ਨਹੀਂ ਦਿੱਤਾ ਗਿਆ, ਇਸ ਲਈ ਲਹਿਰੀਏ ਦੀ ਵਿਧੀ ਇਸ ਪੱਖੋਂ ਵੀ ਕਾਰਗਰ ਨਹੀਂ ਹੈ। ਮਿਸਾਲ ਲਈ, Oxford (2010) ਵਿੱਚ fabricate ਸ਼ਬਦ ਵਿੱਚ ਮੁੱਖ (primary) ਦਬਾਅ ਪਹਿਲੇ ਉਚਾਰਖੰਡ ਉੱਤੇ ਹੈ (/'ਫ਼ੈਬਰਿਕੇਇਟ/) ਪਰ fabrication ਵਿੱਚ ਤੀਜੇ ਉੱਤੇ (/.ਫ਼ੈਬਰਿ'ਕੇਇਸ਼ਨ/)। ਇਸ ਲਈ ਜੇ ਵਿਉਤਪਤ ਰੂਪ ਦਾ ਪੂਰੇ ਦਾ ਉਚਾਰਨ ਨਹੀਂ ਦਿੱਤਾ ਜਾਂਦਾ ਤਾਂ ਦਬਾਅ ਦਾ ਸਹੀ ਪਤਾ ਨਹੀਂ ਲੱਗ ਸਕਦਾ।
           ਉਚਾਰਨ ਪੱਖੋਂ ਹਥਲੇ ਸੰਸਕਰਨ ਵਿੱਚ ਪਿਛਲੇ ਸੰਸਕਰਨਾਂ ਨਾਲੋਂ ਇੱਕ ਹੋਰ ਵਖਰੇਵਾਂ ਕੀਤਾ ਗਿਆ ਹੈ। ਅੰਗਰੇਜ਼ੀ ਭਾਸ਼ਾ ਦੇ ਬਹੁਤ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਸ਼ਬਦ-ਜੋੜ ਇੱਕ ਹਨ ਪਰ ਉਚਾਰਨ ਦੋ ਅਤੇ ਹਰ ਉਚਾਰਨ ਦੇ ਅਰਥ ਵੀ ਵੱਖਰੇ ਹਨ। ਪਹਿਲੇ ਸੰਸਕਰਨਾਂ ਵਿੱਚ ਅਜਿਹੇ ਸ਼ਬਦਾਂ ਦੇ ਦੋਵੇਂ ਉਚਾਰਨ ਮੁੱਖ ਇੰਦਰਾਜ ਤੋਂ ਤੁਰੰਤ ਬਾਅਦ ਇਕੱਠੇ ਦਿੱਤੇ ਗਏ ਹਨ ਅਤੇ ਫਿਰ ਉਹਨਾਂ ਦੇ ਅਰਥ ਦਿੱਤੇ ਗਏ ਹਨ। ਪਰ ਅਰਥ ਦੇਣ ਵੇਲੇ ਇਹ ਨਿਖੇੜਾ ਨਹੀਂ ਕੀਤਾ ਗਿਆ ਕਿ ਪਹਿਲੇ ਉਚਾਰਨ ਦਾ ਅਰਥ ਕਿੱਥੇ ਖ਼ਤਮ ਹੁੰਦਾ ਹੈ ਤੇ ਦੂਜੇ ਦਾ ਕਿੱਥੋਂ ਸ਼ੁਰੂ ਹੁੰਦਾ ਹੈ। ਹਥਲੇ ਸੰਸਕਰਨ ਵਿੱਚ ਇੱਕ ਸ਼ਬਦ ਦੇ ਦੋ ਉਚਾਰਨਾਂ ਨੂੰ ਵੱਖ-ਵੱਖ ਕਰਕੇ ਦੂਜਾ ਉਚਾਰਨ ਇੰਦਰਾਜ ਵਿੱਚ ਉੱਥੇ ਦਿੱਤਾ ਗਿਆ ਹੈ ਜਿੱਥੇ ਪਹਿਲੇ ਉਚਾਰਨ ਦੇ ਅਰਥ ਖ਼ਤਮ ਹੁੰਦੇ ਹਨ ਅਤੇ ਦੂਜੇ ਦੇ ਸ਼ੁਰੂ ਹੁੰਦੇ ਹਨ।
           Oxford Advanced Learner’'s Dictionary (2010) ਵਿੱਚ ਕਈ ਸ਼ਬਦਾਂ ਦਾ ਉਚਾਰਨ ਦੋ ਪ੍ਰਕਾਰ ਦਾ ਹੈ ਪਰ ਅਰਥ ਇੱਕ ਹੀ ਹੈ ਜਿਵੇਂ ਕਿ absorb /ਅਬ'ਸੋਬ, ਅਬ'ਜ਼ੋਬ/। ਹਥਲੇ ਸੰਸਕਰਨ ਵਿੱਚ ਅਜਿਹੇ ਸ਼ਬਦਾਂ ਦਾ ਇਕ ਪ੍ਰਕਾਰ ਦਾ ਪੂਰਾ ਉਚਾਰਨ ਦੇ ਕੇ ਦੂਜੀ ਪ੍ਰਕਾਰ ਦੇ ਉਚਾਰਨ ਦਾ ਭਿੰਨਤਾ ਵਾਲਾ ਹਿੱਸਾ ਜੋੜਨੀ (-), ਪਾ ਕੇ ਦਿੱਤਾ ਗਿਆ ਹੈ ਜਿਵੇਂ ਕਿ absorb /ਅਬ'ਸੋਬ, -'ਜ਼ੋਬ/ ਜਾਂ abstruse /ਅਬ'ਸਟਰੂਸ, ਐਬ-/ ਜਾਂ absorbent /ਅਬ'ਸੋਬਅਨਟ, -'ਜ਼ੋਬ-/।
           ਅੰਗਰੇਜ਼ੀ-ਪੰਜਾਬੀ ਕੋਸ਼ ਦੇ ਛੇਵੇਂ ਸੰਸਕਰਨ ਵਿੱਚ ਕਈ ਸ਼ਬਦਾਂ ਦਾ ਉਚਾਰਨ ਅੰਕਿਤ ਕਰਦੇ ਸਮੇਂ ਉਚਾਰਖੰਡ ਦੀ ਸੀਮਾ ਨਹੀਂ ਵੇਖੀ ਗਈ। ਮਿਸਾਲ ਲਈ ਛੇਵੇਂ ਸੰਸਕਰਨ ਵਿੱਚ ਸ਼ਬਦ ineffective ਦਾ ਉਚਾਰਨ /.ਇਨਿ'ਫ਼ੈੱਕਟਿਵ਼/ ਦਿੱਤਾ ਗਿਆ ਹੈ। ਸੰਬੰਧਿਤ ਸ਼ਬਦ ਵਿੱਚ ਚਾਰ ਉਚਾਰਖੰਡ (ਇਨ-, -ਇ-, -ਫ਼ੈੱਕ-, -ਟਿਵ਼) ਹਨ। ਇਨ- ਅਤੇ ਇ- ਦੋ ਅਲੱਗ ਉਚਾਰਖੰਡ ਹੋਣ ਕਰਕੇ ਇਹਨਾਂ ਦਾ ਉਚਾਰਨੀ ਰੂਪ /.ਇਨਇ-/ ਹੋਣਾ ਚਾਹੀਦਾ ਹੈ ਨਾ ਕਿ ਛੇਵੇਂ ਸੰਸਕਰਨ ਵਿੱਚ ਦਿੱਤੇ ਉਚਾਰਨ /ਇਨਿ-/ ਵਾਂਗ। ਵਰਣਨਯੋਗ ਹੈ ਕਿ ਆਕਸਫੋਰਡ ਦੀਆਂ ਤਿੰਨੇ ਸੰਬੰਧਿਤ ਡਿਕਸ਼ਨਰੀਆਂ (1991, 2007, 2010) ਵਿੱਚੋਂ ਕਿਸੇ ਵਿੱਚ ਵੀ ਉਚਾਰਖੰਡ ਦੀ ਸੀਮਾ ਅੰਕਿਤ ਨਹੀਂ ਕੀਤੀ ਗਈ। ਪਰ Daniel Jones ਦੀ EPD (1997) ਵਿੱਚ ਉਚਾਰਖੰਡ ਦੀ ਸੀਮਾ ਦਿੱਤੀ ਗਈ ਹੈ। ਇਸ ਲਈ ਹਥਲੇ ਸੰਸਕਰਨ ਵਿੱਚ ਉਚਾਰਖੰਡ ਸੀਮਾ ਸੰਬੰਧੀ ਊਣਤਾਈ ਦੂਰ ਕਰਨ ਲਈ EPD ਨੂੰ ਹੀ ਆਧਾਰ ਬਣਾਇਆ ਗਿਆ ਹੈ। ਲੇਕਿਨ, ਜਿਵੇਂ ਕਿ ਭੂਮਿਕਾ ਵਿੱਚ ਪਹਿਲਾਂ ਵਰਣਨ ਕੀਤਾ ਗਿਆ ਹੈ, ਅੰਗਰੇਜ਼ੀ-ਪੰਜਾਬੀ ਕੋਸ਼ ਵਿੱਚ ਦਰਜ ਬਹੁਤ ਸਾਰੇ ਸ਼ਬਦ EPD ਵਿੱਚ ਨਹੀਂ ਹਨ, ਇਸ ਕਰਕੇ ਉਚਾਰਖੰਡ ਸੀਮਾ ਦੀ ਪਛਾਣ ਸੀਮਾਵਾਂ ਵਿੱਚ ਰਹਿ ਕੇ ਹੀ ਕੀਤੀ ਜਾ ਸਕੀ ਹੈ। ਜਿਹੜੇ ਸ਼ਬਦਾਂ ਦੀ ਉਚਾਰਖੰਡ ਸੀਮਾ ਦਾ ਅੰਗਰੇਜ਼ੀ ਸ਼ਬਦ-ਕੋਸ਼ਾਂ ਵਿੱਚ ਕੋਈ ਆਧਾਰ ਨਹੀਂ ਮਿਲਿਆ ਉਹਨਾਂ ਸ਼ਬਦਾਂ ਨੂੰ ਇਸ ਪੱਖੋਂ ਨਹੀਂ ਘੋਖਿਆ ਜਾ ਸਕਿਆ।

           IV. ਹਥਲੇ ਸੰਸਕਰਨ ਦੀ ਇੱਕ ਵਿਸ਼ੇਸ਼ਤਾ ਵੱਡੀ ਗਿਣਤੀ ਵਿੱਚ ਨਵੀਂ ਸ਼ਬਦਾਵਲੀ ਦੀ ਸ਼ਮੂਲੀਅਤ ਹੈ। ਇਸ ਸੰਸਕਰਨ ਵਿੱਚ ਪਿਛਲੇ ਸੰਸਕਰਨ ਨਾਲੋਂ ਸਾਢੇ ਤਿੰਨ ਹਜ਼ਾਰ ਤੋਂ ਵੱਧ ਨਵੇਂ ਸ਼ਬਦ ਸ਼ਾਮਲ ਕੀਤੇ ਗਏ ਹਨ। ਇਹ ਨਵੇਂ ਸ਼ਬਦ ਕੇਵਲ ਗਿਣਤੀ ਕਰਕੇ ਨਹੀਂ ਬਲਕਿ ਇਸ ਕਰਕੇ ਵੀ ਮਹੱਤਵਪੂਰਨ ਹਨ ਕਿ ਇਹ ਸਾਰੇ ਸ਼ਬਦ ਬਹੁਤ ਜ਼ਿਆਦਾ ਵਰਤੋਂ ਵਿੱਚ ਆਉਣ ਵਾਲੇ ਹਨ। ਇਸ ਪ੍ਰਸੰਗ ਵਿੱਚ ਕੰਪਿਊਟਰ ਵਿਗਿਆਨ ਅਤੇ ਸੂਚਨਾ ਤਕਨਾਲੋਜੀ ਨਾਲ ਸੰਬੰਧਿਤ ਸ਼ਬਦਾਵਲੀ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ।

           V. ਇਸ ਕੋਸ਼ ਦੇ ਪਹਿਲੇ ਸੰਸਕਰਨਾਂ ਵਿੱਚ ਜੇ ਕਿਸੇ ਸ਼ਬਦ ਦਾ ਸੰਬੰਧ ਇੱਕ ਤੋਂ ਵੱਧ ਸ਼ਬਦ ਸ਼੍ਰੇਣੀਆਂ ਨਾਲ ਹੈ ਤਾਂ ਇਹਨਾਂ ਸ਼੍ਰੇਣੀਆਂ ਦੇ ਸੰਖੇਪ (ਜਿਵੇਂ n, v ਆਦਿ) ਇਕੱਠੇ ਦੇ ਕੇ ਬਾਅਦ ਵਿੱਚ ਅਰਥ ਦਿੱਤੇ ਗਏ ਸਨ। ਪਰ ਇਸ ਵਿਧੀ ਨਾਲ ਪਾਠਕ ਨੂੰ ਖ਼ੁਦ ਹੀ ਅੰਦਾਜ਼ਾ ਲਾਉਣਾ ਪੈਂਦਾ ਹੈ ਕਿ ਕਿੱਥੇ n ਵਾਲੇ ਅਰਥ ਖ਼ਤਮ ਹੁੰਦੇ ਹਨ ਅਤੇ v ਵਾਲੇ ਸ਼ੁਰੂ ਹੁੰਦੇ ਹਨ। ਹਥਲੇ ਕੋਸ਼ ਵਿੱਚ ਇਸ ਕਠਨਾਈ ਨੂੰ ਵੀ ਦੂਰ ਕੀਤਾ ਗਿਆ ਹੈ ਅਤੇ ਇੱਕ ਸ਼ਬਦ ਸ਼੍ਰੇਣੀ ਦਾ ਸੰਖੇਪ ਦੇ ਕੇ ਉਸ ਦੇ ਅਰਥ ਦਿੱਤੇ ਗਏ ਹਨ ਅਤੇ ਫਿਰ ਦੂਜੀ ਸ਼ਬਦ ਸ਼੍ਰੇਣੀ ਦਾ ਸੰਖੇਪ ਦੇ ਕੇ ਉਸਦੇ ਅਰਥ ਦਿੱਤੇ ਗਏ ਹਨ।

           VI. ਪਹਿਲੇ ਸੰਸਕਰਨਾਂ ਵਿੱਚ ਸ਼ਬਦ ਦੇ ਅਰਥ ਪਰਿਭਾਸ਼ਿ਼ਤ ਰੂਪ ਵਿੱਚ ਬਹੁਤ ਹੀ ਘੱਟ ਮਿਲਦੇ ਹਨ। ਇਸ ਸੰਸਕਰਨ ਵਿੱਚ ਨਵੀਂ ਸ਼ਾਮਲ ਕੀਤੀ ਸਾਰੀ ਸ਼ਬਦਾਵਲੀ ਦੇ ਅਰਥ ਪਰਿਭਾਸ਼ਿ਼ਤ ਰੂਪ ਵਿੱਚ ਦਿੱਤੇ ਗਏ ਹਨ ਅਤੇ ਪਹਿਲੀ ਸ਼ਬਦਾਵਲੀ ਲਈ ਵੀ ਇਸ ਵਿਧੀ ਦੀ ਪਹਿਲਾਂ ਨਾਲੋਂ ਵਧੇਰੇ ਵਰਤੋਂ ਕੀਤੀ ਗਈ ਹੈ।
           ਪਹਿਲੇ ਸੰਸਕਰਨਾਂ ਵਿੱਚ ਕਾਫ਼ੀ ਥਾਵਾਂ ਉੱਤੇ ਬਹੁਅਰਥੀ (polysemous) ਸ਼ਬਦ ਸਮਰੂਪੀ (homonymous) ਵਜੋਂ ਅਤੇ ਸਮਰੂਪੀ ਸ਼ਬਦ ਬਹੁਅਰਥੀ ਸ਼ਬਦਾਂ ਵਜੋਂ ਲਏ ਗਏ ਹਨ। ਇਸ ਸੰਸਕਰਨ ਵਿੱਚ ਇਸ ਘਾਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
           ਇਸ ਸੰਸਕਰਨ ਵਿੱਚ ਅਰਥਾਂ ਵਿੱਚ ਸੋਧ ਵੀ ਕੀਤੀ ਗਈ ਹੈ ਅਤੇ ਅਰਥਾਂ ਦੀ ਤਰਤੀਬ ਕੋਸ਼ ਵਿਗਿਆਨਕ ਆਧਾਰ 'ਤੇ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਥਾਂ ਦੀ ਪੇਸ਼ਕਾਰੀ ਵਿੱਚ ਵਿਸਰਾਮ ਚਿੰਨ੍ਹਾਂ, ਕਾਮਾ (,), ਬਿੰਦੀ-ਕਾਮਾ (;) ਦੀ ਵਰਤੋਂ ਨੂੰ ਵੀ ਸੋਧਿਆ ਗਿਆ ਹੈ।
           ਪਹਿਲੇ ਸੰਸਕਰਨਾਂ ਵਿੱਚ ਕਾਫ਼ੀ ਸ਼ਬਦ ਰੂਪ ਅਜਿਹੇ ਹਨ ਜੋ ਪੰਜਾਬੀ ਭਾਸ਼ਾ ਦੇ ਸੁਭਾਅ ਦੇ ਅਨੁਸਾਰੀ ਨਹੀਂ ਹਨ। ਅਜਿਹੇ ਸ਼ਬਦਾਂ ਦੇ ਰੂਪ ਵਿੱਚ ਵੀ ਸੋਧ ਕੀਤੀ ਗਈ ਹੈ।

           VII. ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ ਇਸ ਸੋਧੇ ਹੋਏ ਸੰਸਕਰਨ ਦੀ ਤਿਆਰੀ ਵਿੱਚ ਡੂੰਘੀ ਦਿਲਚਸਪੀ ਲੈਂਦੇ ਰਹੇ ਹਨ ਅਤੇ ਇਸ ਦੀ ਤਿਆਰੀ ਲਈ ਉਹਨਾਂ ਨੇ ਹਰ ਲੋੜੀਂਦੀ ਮਦਦ ਤੁਰੰਤ ਮੁਹੱਈਆ ਕਰਵਾਈ ਹੈ। ਸਮੂਹ ਵਿਭਾਗ ਉਹਨਾਂ ਦੀ ਇਸ ਭਰਪੂਰ ਪ੍ਰੇਰਨਾ ਅਤੇ ਸਹਿਯੋਗ ਲਈ ਉਹਨਾਂ ਦਾ ਤਹਿ-ਦਿਲੋਂ ਆਭਾਰੀ ਹੈ। ਵਿਭਾਗ ਦੇ ਅਧਿਆਪਕ ਡਾ. ਸੁਮਨ ਪ੍ਰੀਤ ਨੇ ਇਸ ਕੋਸ਼ ਦੇ ਪ੍ਰਿੰਟ ਐਡੀਸ਼ਨ ਦੇ ਪੰਜਾਹ ਕੁ ਪੰਨਿਆਂ ਦੀ ਇੱਕ ਪੜ੍ਹਤ ਕਰਵਾਈ ਸੀ। ਵਿਭਾਗ ਉਹਨਾਂ ਦਾ ਧੰਨਵਾਦ ਕਰਦਾ ਹੈ। ਅਸੀਂ ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਸਤੀਸ਼ ਕੁਮਾਰ ਸ਼ਰਮਾ ਅਤੇ ਸ. ਹਰਜੀਤ ਸਿੰਘ ਦੇ ਧੰਨਵਾਦੀ ਹਾਂ ਜਿਨ੍ਹਾਂ ਦੀ ਨਿੱਜੀ ਦਿਲਚਸਪੀ ਸਦਕਾ ਇਸ ਕੋਸ਼ ਦੀ ਸੁੰਦਰ ਛਪਾਈ ਸੰਭਵ ਹੋ ਸਕੀ ਹੈ।

           VII. ਔਨਲਾਈਨ ਸੰਸਕਰਨ ਲਈ ਸੀ. ਜੇ. ਸਾਫਟੈੱਕ ਦੇ ਸ. ਪ੍ਰਵਿੰਦਰਜੀਤ ਸਿੰਘ ਨੇ ਡਾਟਾ ਕਨਵਰਟ ਕਰਨ 'ਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸੇ ਪ੍ਰਕਾਰ ਸ. ਮਨਦੀਪ ਸਿੰਘ ਬਤਰਾ (ਤਕਨੀਕੀ ਸਹਾਇਕ) ਅਤੇ ਸ. ਕ੍ਰਿਸ਼ਨ ਸਿੰਘ (ਟਾਈਪਿਸਟ) ਨੇ ਮਿਹਨਤ ਅਤੇ ਲਗਨ ਸਦਕਾ ਕੋਸ਼ ਦਾ ਡਾਟਾਬੇਸ ਤਿਆਰ ਕਰਨ 'ਚ ਸਹਿਯੋਗ ਦਿੱਤਾ ਹੈ। ਵਿਭਾਗ ਇਨ੍ਹਾਂ ਦਾ ਤਹਿ-ਦਿਲੋਂ ਆਭਾਰੀ ਹੈ।

           ਹਰ ਕੋਸ਼ ਲਗਭਗ ਇੱਕ ਅੰਤਰਿਮ ਕੋਸ਼ ਹੀ ਹੁੰਦਾ ਹੈ। ਇਸ ਲਈ ਨਿਸ਼ਚਿਤ ਹੈ ਕਿ ਇਸ ਕੋਸ਼ ਨੂੰ ਹੋਰ ਬਿਹਤਰ ਬਣਾਉਣ ਲਈ ਅਗਲੇ ਸੰਸਕਰਨ ਦੀ ਲੋੜ ਇਸ ਦੇ ਛਪਣ ਨਾਲ ਹੀ ਮਹਿਸੂਸ ਹੋਣ ਲੱਗੇਗੀ। ਵਿਭਾਗ ਨੇ ਇਸ ਦੀ ਵਿਓਂਤਬੰਦੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਵਿਦਵਾਨ ਪਾਠਕਾਂ ਦੇ ਸੁਝਾਅ ਇਸ ਅਗਲੇ ਸੰਸਕਰਨ ਦੀ ਉੱਤਮਤਾ ਵਿੱਚ ਭਰਪੂਰ ਵਾਧਾ ਕਰਨਗੇ। ਇਸ ਲਈ ਸਮੂਹ ਪਾਠਕਾਂ ਨੂੰ ਆਪਣੇ ਸੁਝਾਅ ਭੇਜਣ ਲਈ ਸਨਿਮਰ ਬੇਨਤੀ ਹੈ। ਵਿਭਾਗ ਇਸ ਲਈ ਉਹਨਾਂ ਦਾ ਆਭਾਰੀ ਹੋਵੇਗਾ।

ਜੋਗਾ ਸਿੰਘ
ਪ੍ਰੋਫੈਸਰ ਅਤੇ ਮੁਖੀ
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ